Tuesday, January 7, 2014

ਮੇਰੇ ਪਰਮ ਮਿੱਤਰ, ਰਾਕੇਸ਼ ਆਨਂਦ, ਐਮ.ਏ.ਇਕਨਾਮਿਕਸ ,ਬੀ.ਐੱਡ, ਕਿੱਤੇ ਵਜੋਂ ਅਧਿਆਪਕ ਤੇ ਪੱਤਰਕਾਰ ਤੇ 'ਸ਼ਬਦਮੰਡਲ' ਦੇ ਅਹਿਮ ਮੈਂਬਰ, ਜਿਸਦੀ ਕਵਿਤਾ ਦਾ ਮੈਂ ਬਹੁਤ ਕਾਇਲ ਹਾਂ, ਦੀ ਇਕ ਨਜ਼ਮ ਤੁਹਾਡੇ ਨਾਲ ਸਾਂਝਿਆ ਕਰਦਾ ਹਾਂ 
---- 


ਮੈਂ ਸਮਾਂ ਹਾਂ 
---------- 
ਮੈਂ.. ਸਮਾਂ ਹਾਂ 
ਕੰਧ ਨਾਲ ਚੰਬੜੀ ਕਿਰਲੀ ਵਾਂਗ 
ਮੂਕ ਗਵਾਹ 
ਹਰ ਹੋਣੀ ਅਣਹੋਣੀ ਦਾ 

ਮੈਂ ਗਵਾਹ ਹਾਂ.. .. .. 

ਚੀਜ਼ਾਂ ਖ਼ਤਮ ਨਹੀਂ ਹੁੰਦੀਆਂ 
ਬਸ ਰੂਪ ਵਟਾਂਦੀਆਂ 
ਰਾਜ ਮਹਿਲ ਦੀਆਂ ਪਥਰੀਲੀਆਂ ਕੰਧਾਂ 
ਹੋ ਗਈਆਂ ਹੋਰ ਉੱਚੀਆਂ, ਚੌੜੀਆਂ , ਸਖਤ ਤੇ ਖੂੰਖਾਰ 
ਰਾਜ ਗੱਦੀ ਵੱਟ ਗਈ ਏ ਕੁਰਸੀ 'ਚ 
ਪਰ 
ਸਜਦੀਆਂ ਹਨ ਖੋਪੜੀਆਂ ਅਜੇ ਵੀ ਤਾਜ ਵਿੱਚ 
ਲਾਜ਼ਿਮੀ ਏ ਹੁਣ ਵੀ ਰੱਤ ਰਾਜਭਿਸ਼ੇਕ ਲਈ 

ਮੈਂ ਗਵਾਹ ਹਾਂ.. .. .. 

ਜੁੱਗ ਮੁੱਕੇ 
ਕੁੱਲ ਮੁੱਕੇ 
ਨਹੀਂ ਮੁੱਕੀ 
ਅੰਨ੍ਹਾ ਦਿਸਣ ਦੀ ਧ੍ਰਿਤਰਾਸਟਰੀ ਅਦਾਕਾਰੀ 
ਨਾ ਅੰਨ੍ਹਾ ਪੁੱਤ ਮੋਹ 
ਜਾਰੀ ਏ ਅਜੇ ਵੀ ਗੰਧਾਰੀ ਦਾ ਢੋਂਗ 
ਪਾਰਦਰਸ਼ੀ ਪੱਟੀ ਉਹਲੇ ਨੇਤਰ ਛੁਪਾਈ 
ਲੋਚਦੀ ਹਰ ਵੇਲੇ 
ਪੁੱਤ ਨੂੰ ਵਰ ਬਖਸ਼ਣੇ.. 

ਮੈਂ ਗਵਾਹ ਹਾਂ.. .. .. 

------ 

ਰਾਕੇਸ਼ ਆਨੰਦ

Wednesday, November 9, 2011

“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੁ ਸੁਪਨਿਆਂ ਦਾ ਮਰ ਜਾਣਾ”।

ਅਸੀਂ ਲੜਾਂਗੇ ਸਾਥੀ


ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜ਼ਜ਼ਬਿਆਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤਕ
ਕਿ ਵੀਰੂ ਬਕਰੀਆਂ ਵਾਲਾ ਜਦੋਂ ਤਕ
ਬੱਕਰੀਆਂ ਦਾ ਮੂਤ ਪੀਦਾਂ ਹੈ
ਖਿੜੇ ਹੋਏ ਸਰੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁਜੀਆਂ ਅੱਖਾਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਚੌਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁਟਣ ਦੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ
ਅਸੀਂ ਲੜਾਂਗੇ ਜਦ ਤੱਕ
ਦੁਨੀਆ ‘ਚ ਲੜਨ ਦੀ ਲੋੜ ਬਾਕੀ ਹੈ

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲ਼ੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….

Sunday, October 2, 2011

1 ਅਕਤੂਬਰ ਨੂੰ ਹਰਵਿੰਦਰ ਭੰਡਾਲ ਦੀ ਕਿਤਾਬ "ਚਰਾਗਾਹਾਂ ਤੋਂ ਪਾਰ " ਤੇ ਕਰਵਾਈ ਗਈ ਸ਼ਬਦ ਵਿਚਾਰ ਮੰਚ ਜਲੰਧਰ ਵਲੋਂ ਗੋਸ਼ਟੀ


ਪ੍ਰਧਾਨਗੀ ਮੰਡਲ 'ਚ ਬੈਠੇ ਡ.ਆਰ.ਬੀ.ਸਿੰਘ,ਪਰਮਿੰਦਰਜੀਤ,ਦਵਿੰਦਰ ਜੌਹਲ,ਹਰਵਿੰਦਰ ਭੰਡਾਲ ਅਤੇ ਪਰਮਿੰਦਰ ਸੋਢੀ



















ਕਵੀ ਤੇ ਚਿੰਤਕ ਹਰਵਿੰਦਰ ਭੰਡਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ





ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ













ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ












ਅਖਰ ਮੈਗਜ਼ੀਨ ਦੇ ਸੰਪਾਦਕ ਪਰਮਿੰਦਰਜੀਤ ਹਰਵਿੰਦਰ ਭੰਡਾਲ ਦੇ ਕਾਵ-ਚਿੰਤਨ ਬਾਰੇ ਬੋਲਦੇ ਹੋਏ

ਸ਼ਬਦ ਵਿਚਾਰ ਮੰਚ ਜਲੰਧਰ ਵਲੋਂ ਹਰਵਿੰਦਰ ਭੰਡਾਲ ਦੇ ਕਾਵ ਸੰਗ੍ਰੇਹ "ਚਰਾਗਾਹਾਂ ਤੋਂ ਪਾਰ " ਤੇ ਕਰਵਾਈ ਗਯੀ ਵਿਚਾਰ ਚਰਚਾ ਦੇ ਕੁਝ ਪਲ

Tuesday, September 13, 2011

ਜਸਵੀਰ ਹੁਸੈਨ - ਗ਼ਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।