Friday, July 29, 2011

ਘਰ-ਘਾਟ

ਅਕਸਰ

ਮੈਂ ਤਲਾਸ਼ਦਾ

ਘਰ ਵਿੱਚੋਂ ਘਰ

ਪਰ

ਘਰ ਵਿੱਚੋਂ ਘਰ ਵਰਗਾ

ਕੁਝ ਵੀ ਨਹੀਂ ਲੱਭਦਾ

ਘੋਖਣ

ਸੋਚਣ

ਪਰਖਣ

ਨਿਰਖਣ

ਤੋਂ ਬਾਅਦ ਵੀ

ਉੱਤਰ ਨਹੀਂ ਲੱਭਦਾ

ਕਿ

ਘਰ ਦੇ ਘਰ ਨਾ ਹੋਣ ਵਿੱਚ

ਕਾਸ ਦੀ ਘਾਟ ਏ

...

ਅਖੀਰ ਰਹਿ ਜਾਂਦਾ ਹਾਂ

ਘਰ ਦਾ

ਨਾ ਘਾਟ ਦਾ ।

ਗ਼ਜ਼ਲ

ਬੀਤ ਚੁੱਕੇ ਵਕਤ ਨੂੰ ,ਮੁੜਕੇ ਲਿਆਵਾਂ ਕਿਸ ਤਰ੍ਹਾਂ।
ਹਿਜਰ ਦੇ ਵਿੱਚ ਦਿਲ ਤੜਪਦੇ ਨੂੰ ਵਰਾਵਾਂ ਕਿਸ ਤਰ੍ਹਾਂ।
-
ਜੋ ਕਹਾਂਗਾ ,ਸੋ ਕਰੇਂਗਾ ,ਇਹ ਕਿਹਾ ਸੀ ਤੁੰ ਹਜ਼ੂਰ,
ਹੁਣ ਕਹੇ,ਰਾਹਾਂ 'ਚ ਮੈਂ ਤਾਰੇ ਵਿਛਾਵਾ ਕਿਸ ਤਰ੍ਹਾਂ।
-
ਮੈਂ ਸਮੁੰਦਰ ਨੂੰ ਕਿਹਾ ਕਿ ਲੀਲ ਲੈ ਹੰਝੂ ਮੇਰੇ,
ਉਸ ਕਿਹਾ ਕਿ ਇਹ ਸਮੰਦਰ ਮੈਂ ਲੁਕਾਵਾਂ ਕਿਸ ਤਰ੍ਹਾਂ।
-
ਨਾਲ ਤੇਰੇ ਜੀਣ ਦੇ ਮੈਂ ਖ਼ਾਬ ਤੱਕ ਭੁਲਿਆ ਨਹੀਂ,
ਹੈ ਹਕੀਕਤ ਤੁੰ,ਤਾਂ ਦੱਸ,ਤੈਨੂੰ ਭੁਲਾਵਾਂ ਕਿਸ ਤਰ੍ਹਾਂ।
-
ਦਰਦ ਦਿਲ ਦਾ ਲਿਖਣ ਤੋਂ ਹੀ ਵਿਹਲ ਬਸ ਮਿਲਦੀ ਨਹੀਂ,
ਗ਼ਜ਼ਲ ਦੇ ਵਿੱਚ ਬਹਿਰ ਦੇ ਨੁਕਤੇ ਲਿਆਵਾਂ ਕਿਸ ਤਰ੍ਹਾਂ
-

ਜੀਵਨ

ਜੀਵਨ
ਸਿਫ਼ਰ ਤੋਂ ਸਫ਼ਰ ਦੇ ਰਾਹ
ਨਿਸ਼ਬਦ ਤੋਂ ਸ਼ਬਦ
ਬੀਜ ਤੋਂ ਬੂਟਾ
ਬੁੰਦ ਤੋਂ ਸਾਗਰ ਹੁੰਦਾ ਹੋਇਆ
ਨਿਰੰਤਰ
ਲਗਾਤਾਰ
ਆਦਿ ਤੋਂ ਅੰਤ
ਤੇ
ਫਿਰ
ਅੰਤ ਤੋਂ
ਅਨੰਤ ਹੋਣ ਤੱਕ...

Monday, November 22, 2010

Tuesday, November 10, 2009

ਗ਼ਜ਼ਲ

ਲੋਕਾਂ ਦਾ ਕੀ ਲੋਕਾਂ ਦੀ ਤਾਂ ਆਦਤ ਹੈ ।
ਲਾ ਕੇ ਅੱਗ ਤਮਾਸ਼ਾ ਵੇਖਣਾ ਫਿਤਰਤ ਹੈ ।
---
ਤੇਰੇ ਦਿਲ ਦੀਆਂ ਤੂੰ ਜਾਣੇ ਜਾਂ ਰਬ ਜਾਣੇਂ,
ਮੇਰੇ ਦਿਲ ਵਿਚ ਤੇਰੇ ਲਈ ਮੁਹੱਬਤ ਹੈ।
---
ਈਸਾ,ਰਾਮ,ਰਹੀਮ,ਗੁਰੂ ਕਦ ਵੱਖਰੇ ਨੇ,
ਲੜ ਲੜ ਐਵੇਂ ਮਰਦੀ ਜਾਂਦੀ ਖਲਕਤ ਹੈ।
---
ਅੜੇ-ਅਸੂਲਾਂ,ਸੱਚ ਨੂੰ ਕੋਈ ਪੁੱਛਦਾ ਨਈਂ,
ਪੈਸਾ,ਲਾਠੀ ਜਿਸ ਕੋਲ ਉਸਦਾ ਬਹੁਮਤ ਹੈ।

Tuesday, December 2, 2008

ਜ਼ਿੰਦਗੀ

ਗ਼ਜ਼ਲ
ਕਦੀ ਸਿਆਹ ਨ੍ਹੇਰ ਬਣ ਜਾਵੇ ਕਦੇ ਸੂਰਜ ਜਿਹਾ ਜੀਵਨ।
ਕਦੀ ਹੰਝੂ, ਕਦੀ ਹਾਸਾ, ਕਦੇ ਇਕ ਹਾਦਸਾ ਜੀਵਨ।

ਕਿਤੇ ਜੀਪਾਂ, ਕਿਤੇ ਕਾਰਾਂ,ਟਰਾਲੇ,ਬਸ,ਟਰੱਕਾਂ ਸੰਗ,
ਕਿਵੇਂ ਦਿਨ ਰਾਤ ਵੇਖੋ ਸੜਕ 'ਤੇ ਹੈ ਦੌੜਦਾ ਜੀਵਨ ।

ਜਦੋਂ ਤੇਜ਼ੀ 'ਨਾ ਆਉਂਦੀ ਕਾਰ ਸੰਗ ਟੱਕਰਾ ਕੇ ਡਿੱਗਦਾ,
ਉਦੋਂ ਦੇਖੋ ਕਿਨਾਰੇ ਸੜਕ ਦੇ ਕਿੰਝ ਤੜਫਦਾ ਜੀਵਨ।

ਇਹ ਜੀਵਨ ਮੌਤ ਦੇ ਵੱਲ ਵੱਧ ਰਿਹਾ ਜਾਂ ਮੌਤ ਜੀਵਨ ਵੱਲ,
ਪਤਾ ਲੱਗਦਾ ਨਹੀਂ ਇਹ ਕਿਸ ਤਰਫ ਹੈ ਵਹਿ ਰਿਹਾ ਜੀਵਨ।

ਕਿਤੇ ਚਾਈਨੀਜ਼, ਕਾਂਟੀਨੈਂਟਲਾਂ ਨੂੰ ਚੱਖਦਾ ਫਿਰਦਾ,
ਕਿਤੇ ਭੁੱਖਾ ਪਿਆਸਾ ਝੁੱਗੀਆਂ ਵਿੱਚ ਵਿਲਕਦਾ ਜੀਵਨ।

ਉਦੋਂ ਤਾਂ ਮੌਤ ਹੀ ਮੁਕਤੀ ਦਾ ਮਾਰਗ ਜਾਪਦੀ ਹੈ ਬਸ,
ਜਦੋਂ ਪਲ-ਪਲ ਜਿਉਂਦੇ-ਜੀ ਅਸਾਨੂੰ ਮਾਰਦਾ ਜੀਵਨ ।

ਹੁਸੈਨ ਆਪਾਂ ਤਾਂ ਜੀਵਨ ਮਾਣਦੇ ਹਾਂ ਆਖ਼ਰੀ ਪਲ ਤਕ
ਪਤਾ ਨਈਂ ਕਿਸ ਘੜੀ ਹੈ ਜ਼ਿੰਦਗੀ ਨੂੰ ਮਾਣਦਾ ਜੀਵਨ।
ਜਸਵੀਰ ਹੁਸੈਨ

Wednesday, November 26, 2008

ਅਹਿਸਾਸ

ਗ਼ਜ਼ਲ

ਅੱਖਾਂ ਭਰ ਕੇ ਰੋ ਨਾ ਹੋਵੇ ।
ਪੱਥਰ ਸਾਥੋਂ ਹੋ ਨਾ ਹੋਵੇ ।

ਦਰਦ ਅਸਾਨੂੰ ਅਪਣਾ ਜਾਪੇ,
ਵੱਖਰਾ ਇਸਤੋਂ ਹੋ ਨਾ ਹੋਵੇ ।

ਨ੍ਹੇਰੇ ਦਾ ਰਸਤਾ ਦਿਖਲਾਵੇ,
ਐਸੀ ਕੋਈ ਲੋ ਨਾ ਹੋਵੇ ।

ਮੈਲ਼ ਵਿਛੋੜੇ ਦੀ ਦਿਲ ਉੱਤੇ,
ਅੱਥਰੂਆਂ ਤੋਂ ਧੋ ਨਾ ਹੋਵੇ ।

ਕੋਮਲ ਹਿਰਦੇ ਹੋਵਣ ਨਾ ਜੇ,
ਫੁੱਲਾਂ ਵਿੱਚ ਖੁਸ਼ਬੋ ਨਾ ਹੋਵੇ ।
=======================
ਗ਼ਜ਼ਲ

ਤੇਰੇ ਆਪਣੇ ਸਦਾ ਅਪਣੇ ਰਹਿਣਗੇ ਇਹ ਭੁਲੇਖਾ ਹੈ ।
ਮੁਸੀਬਤ ਵਿਚ ਵੀ ਤੇਰੇ ਸੰਗ ਚਲਣਗੇ ਇਹ ਭੁਲੇਖਾ ਹੈ ।

ਤੂੰ ਸੋਚੇਂ ਮਿਲ ਕੇ ਸਾਰੇ ਸ਼ਿਕਵਿਆਂ ਨੂੰ ਦੂਰ ਕਰਲਾਂਗੇ,
ਕੋਈ ਬੇਰੰਗ .ਖਤ ਵੀ ਉਹ ਲਿਖਣਗੇ ਇਹ ਭੁਲੇਖਾ ਹੈ ।

ਮਹੀਨਾ ਸਾਉਣ ਦਾ ਭਾਵੇਂ,ਨੇ ਬੱਦਲ਼ ਬਹੁਤ ਅਸਮਾਨੀਂ,
ਤੇਰੇ ਔੜਾਂ ਦੇ ਮਾਰੇ ਤੇ ਵਰ੍ਹਣਗੇ ਇਹ ਭੁਲੇਖਾ ਹੈ ।

ਕਿਨਾਰੇ ਬੈਠਿਆਂ ਬਸ ਮਾਪਦੇ ਰਹਿੰਦੇ ਜੋ ਗਹਿਰਾਈ,
ਕਿਸੇ ਦਿਨ ਉਹ ਸਮੁੰਦਰ ਨੂੰ ਤਰਣਗੇ ਇਹ ਭੁਲੇਖਾ ਹੈ ।

ਜਿਨ੍ਹਾਂ ਦੇ ਮੋਮ ਵਰਗੇ ਜਿਸਮ ਨੇ ਕੋਮਲ ਤੇ ਹਲਕੇ ਜਏ,
ਤੇਰੀ .ਖਾਤਿਰ ਉਹ ਧੁੱਪਾਂ ਸੰਗ ਲੜਣਗੇ ਇਹ ਭੁਲੇਖਾ ਹੈ ।




ਜਸਵੀਰ ਹੁਸੈਨ