Tuesday, December 2, 2008

ਜ਼ਿੰਦਗੀ

ਗ਼ਜ਼ਲ
ਕਦੀ ਸਿਆਹ ਨ੍ਹੇਰ ਬਣ ਜਾਵੇ ਕਦੇ ਸੂਰਜ ਜਿਹਾ ਜੀਵਨ।
ਕਦੀ ਹੰਝੂ, ਕਦੀ ਹਾਸਾ, ਕਦੇ ਇਕ ਹਾਦਸਾ ਜੀਵਨ।

ਕਿਤੇ ਜੀਪਾਂ, ਕਿਤੇ ਕਾਰਾਂ,ਟਰਾਲੇ,ਬਸ,ਟਰੱਕਾਂ ਸੰਗ,
ਕਿਵੇਂ ਦਿਨ ਰਾਤ ਵੇਖੋ ਸੜਕ 'ਤੇ ਹੈ ਦੌੜਦਾ ਜੀਵਨ ।

ਜਦੋਂ ਤੇਜ਼ੀ 'ਨਾ ਆਉਂਦੀ ਕਾਰ ਸੰਗ ਟੱਕਰਾ ਕੇ ਡਿੱਗਦਾ,
ਉਦੋਂ ਦੇਖੋ ਕਿਨਾਰੇ ਸੜਕ ਦੇ ਕਿੰਝ ਤੜਫਦਾ ਜੀਵਨ।

ਇਹ ਜੀਵਨ ਮੌਤ ਦੇ ਵੱਲ ਵੱਧ ਰਿਹਾ ਜਾਂ ਮੌਤ ਜੀਵਨ ਵੱਲ,
ਪਤਾ ਲੱਗਦਾ ਨਹੀਂ ਇਹ ਕਿਸ ਤਰਫ ਹੈ ਵਹਿ ਰਿਹਾ ਜੀਵਨ।

ਕਿਤੇ ਚਾਈਨੀਜ਼, ਕਾਂਟੀਨੈਂਟਲਾਂ ਨੂੰ ਚੱਖਦਾ ਫਿਰਦਾ,
ਕਿਤੇ ਭੁੱਖਾ ਪਿਆਸਾ ਝੁੱਗੀਆਂ ਵਿੱਚ ਵਿਲਕਦਾ ਜੀਵਨ।

ਉਦੋਂ ਤਾਂ ਮੌਤ ਹੀ ਮੁਕਤੀ ਦਾ ਮਾਰਗ ਜਾਪਦੀ ਹੈ ਬਸ,
ਜਦੋਂ ਪਲ-ਪਲ ਜਿਉਂਦੇ-ਜੀ ਅਸਾਨੂੰ ਮਾਰਦਾ ਜੀਵਨ ।

ਹੁਸੈਨ ਆਪਾਂ ਤਾਂ ਜੀਵਨ ਮਾਣਦੇ ਹਾਂ ਆਖ਼ਰੀ ਪਲ ਤਕ
ਪਤਾ ਨਈਂ ਕਿਸ ਘੜੀ ਹੈ ਜ਼ਿੰਦਗੀ ਨੂੰ ਮਾਣਦਾ ਜੀਵਨ।
ਜਸਵੀਰ ਹੁਸੈਨ