Tuesday, September 13, 2011

ਜਸਵੀਰ ਹੁਸੈਨ - ਗ਼ਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

ਅਸ਼ਆਰ

ਯਾਦ ਕਿਸੀ ਕੀ ਚਾਂਦਨੀ ਬਨ ਕਰ ਕੋਠੇ-ਕੋਠੇ ਉਤਰੀ ਹੈ।
ਯਾਦ ਕਿਸੀ ਕੀ ਧੂਪ ਹੂਈ ਹੈ ਜ਼ੀਨਾ-ਜ਼ੀਨਾ ਉਤਰੀ ਹੈ ।
ਰਾਤ ਕੀ ਰਾਨੀ ਸੈਹਨ-ਏ-ਚਮਨ ਮੇਂ ਗੇਸੂ ਖੋਲ੍ਹੇ ਸੋਤੀ ਹੈ ।
ਰਾਤ-ਬੇਰਾਤ ਉਧਰ ਮਤ ਜਾਨਾ ਇਕ ਨਾਗਿਨ ਭੀ ਰਹਤੀ ਹੈ ।
ਤੁਮ ਕੋ ਕਯਾ ਤੁਮ ਗ਼ਜ਼ਲੇਂ ਕਹਿ ਕਰ ਅਪਨੀ ਆਗ ਬੁਝਾ ਲੋਗੇ,
ਉਸ ਕੇ ਜੀਅ ਸੇ ਪੂਛੋ ਜੋ ਪੱਥਰ ਕੀ ਤਰਹ ਚੁਪ ਰਹਤੀ ਹੈ ।

Wednesday, September 7, 2011

ਦੋਸਤੋ ,,,,,,,ਪਾਕਿਸਤਾਨੀ ਫ਼ਕੀਰ ਸ਼ਾਇਰ ਬਾਬਾ ਨਜਮੀ ਦੀਆਂ ਕੁਝ ਰਚਨਾਵਾਂ ਸਾਂਝੀਆਂ ਕਰ ਰਿਹਾ ਹਾਂ ,,,,,,ਉਮੀਦ ਏ ,,,ਪਸੰਦ ਕਰੋਗੇ

ਗ਼ਜ਼ਲ


ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ।


ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ।



ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,


ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ।



ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,


ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ।



ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,


ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ।



ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲ਼ੀ ਨੂੰ,


ਕਦ ਮਿਲ਼ਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ।



ਮੈਨੂੰ ਤੇ ਇੰਜ ਲਗਦਾ ਏ ਬਾਬਾ, ਛੱਲਾਂ ਤੰਗ ਸਮੁੰਦਰ ਤੋਂ,


ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ।


=====


ਗ਼ਜ਼ਲ


ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।


ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।



ਉਹਨਾਂ ਦਾ ਵੀ ਤੂੰਹੀਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,


ਈਦਾਂ ਵਾਲ਼ੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।



ਜਿਹਨਾਂ ਦੇ ਗਲ਼ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,


ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।



ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,


ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।



ਸ਼ੀਸ਼ੇ ਉੱਤੇ ਮਲ਼ੇ ਸਿਆਹੀਆਂ, ਹੱਕ਼ ਏ ਮੇਰੇ ਦੁਸ਼ਮਣ ਦਾ,


ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।



ਚੱਲ ਉਏ ਬਾਬਾ ਨਜਮੀ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,


ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।


=====


ਗ਼ਜ਼ਲ


ਵਾਰਸ ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ


ਕਿਸਰਾਂ ਆਖਾਂ ਮਾਂ ਬੋਲੀ ਦੇ ਬਰਖ਼ੁਦਾਰ ਪੰਜਾਬੀ ਨੇ।



ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,


ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।



ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,


ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।



ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,


ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।



ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,


ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ।



ਖ਼ਵਾਜਾ ਫ਼ਰੀਦ, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,


ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ।



ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,


ਬਾਬਾ ਨਜਮੀ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।


=====

Sunday, September 4, 2011

ਤ੍ਰਿਸ਼ੰਕੁ

ਮੈਂ
ਤੇ ਮੇਰਾ ਘਰ
ਲਟਕੇ ਪਏ ਹਾਂ
ਅਧ-ਅਸਮਾਨ ਵਿਚ
........
ਬਿਜੜੇ ਦੇ ਆਹਲਣੇ ਵਾਂਗ

Friday, September 2, 2011

ਦੋਸਤੋ ਆਪਨੇ ਮਿੱਤਰ ਦੀਪ ਨਿਰਮੋਹੀ ਦੀਆਂ ਦੋ ਨਜ਼ਮਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ

ਬੇਮੁੱਖਤਾ ੧
.....
ਸੋਚਾਂ ਦਾ ਅਕਸ
ਸ਼ਬਦੋਂ ਕੋਰਾ
ਬੇਮੁੱਖ ਹੋਈ
ਮੈਥੋਂ ਕਵਿਤਾ ।
-----
ਬੇਮੁੱਖਤਾ ੨
....
ਭਾਵਾਂ ਦੀ ਬਾਰਿਸ਼
ਛਮ ਛਮ ਛਮ ਛਮ
ਬੰਜਰ ਭੋਂਇ
ਬੀਜ ਵਿਅਰਥਾ ।
-----


ਦੀਪ ਨਿਰਮੋਹੀ