Tuesday, January 7, 2014

ਮੇਰੇ ਪਰਮ ਮਿੱਤਰ, ਰਾਕੇਸ਼ ਆਨਂਦ, ਐਮ.ਏ.ਇਕਨਾਮਿਕਸ ,ਬੀ.ਐੱਡ, ਕਿੱਤੇ ਵਜੋਂ ਅਧਿਆਪਕ ਤੇ ਪੱਤਰਕਾਰ ਤੇ 'ਸ਼ਬਦਮੰਡਲ' ਦੇ ਅਹਿਮ ਮੈਂਬਰ, ਜਿਸਦੀ ਕਵਿਤਾ ਦਾ ਮੈਂ ਬਹੁਤ ਕਾਇਲ ਹਾਂ, ਦੀ ਇਕ ਨਜ਼ਮ ਤੁਹਾਡੇ ਨਾਲ ਸਾਂਝਿਆ ਕਰਦਾ ਹਾਂ 
---- 


ਮੈਂ ਸਮਾਂ ਹਾਂ 
---------- 
ਮੈਂ.. ਸਮਾਂ ਹਾਂ 
ਕੰਧ ਨਾਲ ਚੰਬੜੀ ਕਿਰਲੀ ਵਾਂਗ 
ਮੂਕ ਗਵਾਹ 
ਹਰ ਹੋਣੀ ਅਣਹੋਣੀ ਦਾ 

ਮੈਂ ਗਵਾਹ ਹਾਂ.. .. .. 

ਚੀਜ਼ਾਂ ਖ਼ਤਮ ਨਹੀਂ ਹੁੰਦੀਆਂ 
ਬਸ ਰੂਪ ਵਟਾਂਦੀਆਂ 
ਰਾਜ ਮਹਿਲ ਦੀਆਂ ਪਥਰੀਲੀਆਂ ਕੰਧਾਂ 
ਹੋ ਗਈਆਂ ਹੋਰ ਉੱਚੀਆਂ, ਚੌੜੀਆਂ , ਸਖਤ ਤੇ ਖੂੰਖਾਰ 
ਰਾਜ ਗੱਦੀ ਵੱਟ ਗਈ ਏ ਕੁਰਸੀ 'ਚ 
ਪਰ 
ਸਜਦੀਆਂ ਹਨ ਖੋਪੜੀਆਂ ਅਜੇ ਵੀ ਤਾਜ ਵਿੱਚ 
ਲਾਜ਼ਿਮੀ ਏ ਹੁਣ ਵੀ ਰੱਤ ਰਾਜਭਿਸ਼ੇਕ ਲਈ 

ਮੈਂ ਗਵਾਹ ਹਾਂ.. .. .. 

ਜੁੱਗ ਮੁੱਕੇ 
ਕੁੱਲ ਮੁੱਕੇ 
ਨਹੀਂ ਮੁੱਕੀ 
ਅੰਨ੍ਹਾ ਦਿਸਣ ਦੀ ਧ੍ਰਿਤਰਾਸਟਰੀ ਅਦਾਕਾਰੀ 
ਨਾ ਅੰਨ੍ਹਾ ਪੁੱਤ ਮੋਹ 
ਜਾਰੀ ਏ ਅਜੇ ਵੀ ਗੰਧਾਰੀ ਦਾ ਢੋਂਗ 
ਪਾਰਦਰਸ਼ੀ ਪੱਟੀ ਉਹਲੇ ਨੇਤਰ ਛੁਪਾਈ 
ਲੋਚਦੀ ਹਰ ਵੇਲੇ 
ਪੁੱਤ ਨੂੰ ਵਰ ਬਖਸ਼ਣੇ.. 

ਮੈਂ ਗਵਾਹ ਹਾਂ.. .. .. 

------ 

ਰਾਕੇਸ਼ ਆਨੰਦ