Wednesday, November 26, 2008

ਅਹਿਸਾਸ

ਗ਼ਜ਼ਲ

ਅੱਖਾਂ ਭਰ ਕੇ ਰੋ ਨਾ ਹੋਵੇ ।
ਪੱਥਰ ਸਾਥੋਂ ਹੋ ਨਾ ਹੋਵੇ ।

ਦਰਦ ਅਸਾਨੂੰ ਅਪਣਾ ਜਾਪੇ,
ਵੱਖਰਾ ਇਸਤੋਂ ਹੋ ਨਾ ਹੋਵੇ ।

ਨ੍ਹੇਰੇ ਦਾ ਰਸਤਾ ਦਿਖਲਾਵੇ,
ਐਸੀ ਕੋਈ ਲੋ ਨਾ ਹੋਵੇ ।

ਮੈਲ਼ ਵਿਛੋੜੇ ਦੀ ਦਿਲ ਉੱਤੇ,
ਅੱਥਰੂਆਂ ਤੋਂ ਧੋ ਨਾ ਹੋਵੇ ।

ਕੋਮਲ ਹਿਰਦੇ ਹੋਵਣ ਨਾ ਜੇ,
ਫੁੱਲਾਂ ਵਿੱਚ ਖੁਸ਼ਬੋ ਨਾ ਹੋਵੇ ।
=======================
ਗ਼ਜ਼ਲ

ਤੇਰੇ ਆਪਣੇ ਸਦਾ ਅਪਣੇ ਰਹਿਣਗੇ ਇਹ ਭੁਲੇਖਾ ਹੈ ।
ਮੁਸੀਬਤ ਵਿਚ ਵੀ ਤੇਰੇ ਸੰਗ ਚਲਣਗੇ ਇਹ ਭੁਲੇਖਾ ਹੈ ।

ਤੂੰ ਸੋਚੇਂ ਮਿਲ ਕੇ ਸਾਰੇ ਸ਼ਿਕਵਿਆਂ ਨੂੰ ਦੂਰ ਕਰਲਾਂਗੇ,
ਕੋਈ ਬੇਰੰਗ .ਖਤ ਵੀ ਉਹ ਲਿਖਣਗੇ ਇਹ ਭੁਲੇਖਾ ਹੈ ।

ਮਹੀਨਾ ਸਾਉਣ ਦਾ ਭਾਵੇਂ,ਨੇ ਬੱਦਲ਼ ਬਹੁਤ ਅਸਮਾਨੀਂ,
ਤੇਰੇ ਔੜਾਂ ਦੇ ਮਾਰੇ ਤੇ ਵਰ੍ਹਣਗੇ ਇਹ ਭੁਲੇਖਾ ਹੈ ।

ਕਿਨਾਰੇ ਬੈਠਿਆਂ ਬਸ ਮਾਪਦੇ ਰਹਿੰਦੇ ਜੋ ਗਹਿਰਾਈ,
ਕਿਸੇ ਦਿਨ ਉਹ ਸਮੁੰਦਰ ਨੂੰ ਤਰਣਗੇ ਇਹ ਭੁਲੇਖਾ ਹੈ ।

ਜਿਨ੍ਹਾਂ ਦੇ ਮੋਮ ਵਰਗੇ ਜਿਸਮ ਨੇ ਕੋਮਲ ਤੇ ਹਲਕੇ ਜਏ,
ਤੇਰੀ .ਖਾਤਿਰ ਉਹ ਧੁੱਪਾਂ ਸੰਗ ਲੜਣਗੇ ਇਹ ਭੁਲੇਖਾ ਹੈ ।




ਜਸਵੀਰ ਹੁਸੈਨ