Friday, July 29, 2011

ਘਰ-ਘਾਟ

ਅਕਸਰ

ਮੈਂ ਤਲਾਸ਼ਦਾ

ਘਰ ਵਿੱਚੋਂ ਘਰ

ਪਰ

ਘਰ ਵਿੱਚੋਂ ਘਰ ਵਰਗਾ

ਕੁਝ ਵੀ ਨਹੀਂ ਲੱਭਦਾ

ਘੋਖਣ

ਸੋਚਣ

ਪਰਖਣ

ਨਿਰਖਣ

ਤੋਂ ਬਾਅਦ ਵੀ

ਉੱਤਰ ਨਹੀਂ ਲੱਭਦਾ

ਕਿ

ਘਰ ਦੇ ਘਰ ਨਾ ਹੋਣ ਵਿੱਚ

ਕਾਸ ਦੀ ਘਾਟ ਏ

...

ਅਖੀਰ ਰਹਿ ਜਾਂਦਾ ਹਾਂ

ਘਰ ਦਾ

ਨਾ ਘਾਟ ਦਾ ।

ਗ਼ਜ਼ਲ

ਬੀਤ ਚੁੱਕੇ ਵਕਤ ਨੂੰ ,ਮੁੜਕੇ ਲਿਆਵਾਂ ਕਿਸ ਤਰ੍ਹਾਂ।
ਹਿਜਰ ਦੇ ਵਿੱਚ ਦਿਲ ਤੜਪਦੇ ਨੂੰ ਵਰਾਵਾਂ ਕਿਸ ਤਰ੍ਹਾਂ।
-
ਜੋ ਕਹਾਂਗਾ ,ਸੋ ਕਰੇਂਗਾ ,ਇਹ ਕਿਹਾ ਸੀ ਤੁੰ ਹਜ਼ੂਰ,
ਹੁਣ ਕਹੇ,ਰਾਹਾਂ 'ਚ ਮੈਂ ਤਾਰੇ ਵਿਛਾਵਾ ਕਿਸ ਤਰ੍ਹਾਂ।
-
ਮੈਂ ਸਮੁੰਦਰ ਨੂੰ ਕਿਹਾ ਕਿ ਲੀਲ ਲੈ ਹੰਝੂ ਮੇਰੇ,
ਉਸ ਕਿਹਾ ਕਿ ਇਹ ਸਮੰਦਰ ਮੈਂ ਲੁਕਾਵਾਂ ਕਿਸ ਤਰ੍ਹਾਂ।
-
ਨਾਲ ਤੇਰੇ ਜੀਣ ਦੇ ਮੈਂ ਖ਼ਾਬ ਤੱਕ ਭੁਲਿਆ ਨਹੀਂ,
ਹੈ ਹਕੀਕਤ ਤੁੰ,ਤਾਂ ਦੱਸ,ਤੈਨੂੰ ਭੁਲਾਵਾਂ ਕਿਸ ਤਰ੍ਹਾਂ।
-
ਦਰਦ ਦਿਲ ਦਾ ਲਿਖਣ ਤੋਂ ਹੀ ਵਿਹਲ ਬਸ ਮਿਲਦੀ ਨਹੀਂ,
ਗ਼ਜ਼ਲ ਦੇ ਵਿੱਚ ਬਹਿਰ ਦੇ ਨੁਕਤੇ ਲਿਆਵਾਂ ਕਿਸ ਤਰ੍ਹਾਂ
-

ਜੀਵਨ

ਜੀਵਨ
ਸਿਫ਼ਰ ਤੋਂ ਸਫ਼ਰ ਦੇ ਰਾਹ
ਨਿਸ਼ਬਦ ਤੋਂ ਸ਼ਬਦ
ਬੀਜ ਤੋਂ ਬੂਟਾ
ਬੁੰਦ ਤੋਂ ਸਾਗਰ ਹੁੰਦਾ ਹੋਇਆ
ਨਿਰੰਤਰ
ਲਗਾਤਾਰ
ਆਦਿ ਤੋਂ ਅੰਤ
ਤੇ
ਫਿਰ
ਅੰਤ ਤੋਂ
ਅਨੰਤ ਹੋਣ ਤੱਕ...