Tuesday, September 13, 2011

ਜਸਵੀਰ ਹੁਸੈਨ - ਗ਼ਜ਼ਲ

ਰਾਹ ਤੋਂ ਖੁੰਝੇ ਰਾਹੀ ਹੁਣ ਸਿਰਨਾਵਾਂ ਲੱਭਦੇ ਨੇ।

ਉਮਰ ਵਿਦੇਸ਼ੀਂ ਗਾਲ਼ੀ ਤੇ ਹੁਣ ਮਾਵਾਂ ਲੱਭਦੇ ਨੇ ।

----

ਬਚਪਨ ਵਿੱਚ ਜੋ ਅੰਬ ਦੇ ਬੂਟੇ ਲਾ ਕੇ ਟੁਰ ਗਏ ਸੀ,

ਬਾਲਣ ਬਣ ਸੜ ਚੁੱਕਿਆਂ ਕੋਲੋਂ ਛਾਵਾਂ ਲੱਭਦੇ ਨੇ ।

----

ਵਿੱਚ ਜਵਾਨੀ ਅੱਖੀਂ ਘੱਟਾ ਪਾ ਕੇ ਸਭਨਾਂ ਦੇ ,

ਜਿੱਥੇ ਚੋਰੀ ਮਿਲ਼ਦੇ ਸੀ ਉਹ ਥਾਵਾਂ ਲੱਭਦੇ ਨੇ ।

----

ਆਪਣੀ ਹੋਂਦ ਪਤਾ ਨਈਂ ਕਿੱਧਰ ਗੁੰਮ ਕਰ ਆਏ ਨੇ,

ਸਿਰ ਆਇਆ ਸੂਰਜ ਤੇ ਪਰਛਾਵਾਂ ਲੱਭਦੇ ਨੇ ।

----

ਠੰਡਿਆਂ ਮੁਲਕਾਂ ਵਿੱਚ ਵੀ ਦਿਲ ਜਦ ਧੁਖਦਾ ਰਹਿੰਦਾ ਏ,

ਵਤਨੋਂ ਆਈਆਂ ਠੰਡੀਆਂ ਸੀਤ ਹਵਾਵਾਂ ਲੱਭਦੇ ਨੇ ।

No comments: